ਰਹਿਤ ਜਰੂਰੀ ਹੈ ਕਿ ਨਾਮ ਬਾਣੀ ਦੀ ਕਮਾਈ ?

ਗੁਰਮਤਿ ਪ੍ਰੇਮਾ ਭਗਤੀ ਕਰਨੀ ਅਤੇ ਇਸ ਅਧੀਨ ਨਾਮ ਸਿਮਰਨ ਅਤੇ ਗੁਰਬਾਣੀ ਪਾਠ-ਕੀਰਤਨ ਕਰਨਾ ਸਿੱਖੀ ਵਿਚ ਸਭ ਤੋਂ  ਉੱਤਮ ਕਰਮ ਮੰਨਿਆ ਗਿਆ ਹੈ। ਗੁਰਬਾਣੀ ਦਾ ਕੋਈ ਵੀ ਸ਼ਬਦ ਦੇਖ ਲਓ, ਉਸ ਵਿਚ ਨਾਮ ਜਪਣ ਦਾ ਹੁਕਮ ਜ਼ਰੂਰ ਹੁੰਦਾ ਹੈ, ਤੇ ਇਸ ਦੇ ਨਾਲ ਹੀ ਰਹਿਤ ਦੀ ਮਹੱਤਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮਾਂ ਵਿਚ ਸਪਸ਼ਟ ਹੈ ਕਿ “ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀ।” ਅਤੇ “ਰਹਿਣੀ ਰਹੈ ਸੋਈ ਮੇਰਾ। ਉਹ ਸਾਹਿਬ ਮੈ ਉਸਕਾ ਚੇਰਾ।”

ਸੋ ਸਪਸ਼ਟ ਹੈ ਕਿ ਨਾਮ ਸਿਮਰਨ ਕਰਨ ਅਤੇ ਰਹਿਤ ਰੱਖਣ ਬਾਰੇ ਸਖ਼ਤ ਹੁਕਮ ਹਨ, ਪਰ ਇਸ ਦੇ ਬਾਵਜੂਦ ਕਾਫ਼ੀ ਸਮੇਂ ਤੋਂ ਸਿੱਖ ਪੰਥ ਵਿਚ ਇਹਨਾਂ ਦੋਹਾਂ ਹੁਕਮਾਂ ਦੀ ਤਾਮੀਲ ਕਰਨ ਵਾਲੇ ਗੁਰਸਿੱਖਾਂ ਦੀ ਗਿਣਤੀ ਘੱਟ ਹੀ ਰਹੀ ਹੈ। ਜੇਕਰ ਕੋਈ ਨਾਮ ਬਾਣੀ ਦੇ ਉੱਚ ਕਰਮ ਨੂੰ ਕਰਨ ਵਾਲਾ ਹੈ, ਤਾਂ ਉਹ ਰਹਿਤ ਵੱਲੋਂ ਢਿੱਲਾ ਹੁੰਦਾ ਹੈ, ਅਤੇ ਜੇਕਰ ਕੋਈ ਰਹਿਤ ਵਿਚ ਪਕਿਆਈ ਕਰਦਾ ਹੈ ਤਾਂ ਉਹ ਉੱਚ ਨਾਮ ਬਾਣੀ ਵਾਲੇ ਸ੍ਰੇਸ਼ਟ ਕਰਮ ਤੋਂ ਅਵੇਸਲਾ ਹੁੰਦਾ ਹੈ। ਪਿਛਲੇ ੧੦੦ ਕੁ ਸਾਲਾਂ ਵਿਚ ਵਿਰਲੇ ਹੀ ਸਿੱਖ ਹੋਏ ਹਨ ਜੋ ਨਾਮ ਵਿਚ ਵੀ ਪੂਰੇ ਰੱਤੇ ਹੋਏ ਸਨ ਅਤੇ ਰਹਿਤ ਵਿਚ ਵੀ ਪੂਰੇ ਸਨ। ਦੇਖਣ ਵਿਚ ਆਇਆ ਹੈ ਕਿ ਨਾਮ ਬਾਣੀ ਦੀਆਂ ਕਮਾਈਆਂ ਕਰਨ ਵਾਲੇ ਅਨੇਕਾਂ ਗੁਰਸਿੱਖ ਹੋਏ ਹਨ, ਪਰ ਅਫਸੋਸ ਹੈ ਕਿ ਉਹ ਸ਼੍ਰੀ ਗੁਰੂ ਦਸ਼ਮੇਸ਼ ਜੀ ਦੀ ਬਖਸ਼ੀ ਹੋਈ ਮੁੱਢਲੀ ਰਹਿਤ, ਜਿਵੇਂ ਕਿ ਕਕਾਰ ਧਾਰਨ ਕਰਨੇ, ਵਲੋਂ ਵੀ ਢਿੱਲੇ ਸਨ, ਭਾਵੇਂ ਉਹ ਨਾਮ ਸਿਮਰਨ ਬੰਦਗੀ ਵਿਚ ਆਪਣਾ ਜੀਵਨ ਲਾਉਂਦੇ ਸਨ ਪਰ ਉਹਨਾਂ ਦੇ ਪੈਰੋਕਾਰ ਨਾ ਤਾਂ ਨਾਮ ਬੰਦਗੀ ਵਾਲੇ ਰਹਿ ਗਏ ਅਤੇ ਉਹਨਾਂ ਦੀ ਰੀਸੇ ਬਾਹਰਲੀ ਰਹਿਤ ਵੀ ਰਖਣੋਂ ਗਏ। ਜੇਕਰ ਪੁੱਛੋ ਤਾਂ ਅੱਗੋਂ ਕਹਿੰਦੇ ਹਨ ਕਿ ਪ੍ਰੇਮ ਵਿਚ ਬਾਹਰਲੀ ਅਵਸਥਾ ਦਾ ਬਹੁਤਾ ਪ੍ਰਭਾਵ ਨਹੀਂ ਹੁੰਦਾ।                    

ਰਹਿਤ ਕੀ ਹੈ? 

ਭਾਵੇਂ ਆਮ ਤੌਰ ਤੇ ਖਾਸ ਮੁੱਢਲੀ ਰਹਿਣੀ ਨੂੰ, ਜਿਵੇਂ ਕਿ ਪੰਜ ਕਕਾਰ, ਨਿੱਤਨੇਮ, ਦਸਵੰਧ, ਅੰਮ੍ਰਿਤ ਵੇਲਾ ਆਦਿ ਨੂੰ ਰਹਿਤ ਦੱਸਿਆ ਜਾਂਦਾ ਹੈ, ਪਰ ਅਸਲ ਵਿਚ ਰਹਿਤ ਨਾਮ ਹੈ ਗੁਰੂ ਜੀ ਦੇ ਸਮੱਗਰ ਹੁਕਮਾਂ ਦਾ, ਇਸ ਪਰਿਭਾਸ਼ਾ ਅਨੁਸਾਰ ਤਾਂ ਨਾਮ ਤੇ ਬਾਣੀ ਦਾ ਸੇਵਨ ਕਰਨਾ ਵੀ ਰਹਿਤ ਵਿਚ ਆ ਜਾਂਦਾ ਹੈ। ਪਰ ਇਸ ਵਿਚਾਰ ਨੂੰ ਅਸਾਨੀ ਨਾਲ ਸਮਝਣ ਲਈ ਰਹਿਤ ਤੇ ਨਾਮ ਦੋਹਾਂ ਬਾਰੇ ਵੀਚਾਰ ਰੱਖਾਂਗੇ।  

ਦਾਰੂ ਅਤੇ ਸੰਜਮ

ਜਦੋਂ ਕਿਸੇ ਰੋਗ਼ ਦੇ ਇਲਾਜ ਲਈ ਡਾਕਟਰ ਕੋਲ ਜਾਂਦੇ ਹਾਂ, ਤਾ ਉਹ ਰੋਗ ਦੀ ਜਾਂਚ ਕਰਨ ਉਪਰੰਤ ਦਵਾਈ ਦਿੰਦਾ ਹੈ, ਤੇ ਨਾਲ ਕੁਝ ਪਰਹੇਜ਼ ਵੀ ਦੱਸਦਾ ਹੈ, ਜੇਕਰ ਅਸੀਂ ਪਰਹੇਜ਼ ਕਰਾਂਗੇ ਤਾਂ ਠੀਕ ਹੋ ਜਾਵਾਂਗੇ, ਪਰ ਜੇਕਰ ਅਸੀਂ ਨਹੀਂ ਕਰਾਂਗੇ ਤਾਂ ਸਾਡੀ ਦਵਾਈ ਸਾਡੇ ਤੇ ਘੱਟ ਅਸਰ ਕਰੇਗੀ ਤੇ ਕਈ ਬਿਮਾਰੀਆਂ ਵਿਚ ਪਰਹੇਜ਼ ਤੋਂ ਬਿਨਾ ਤਾਂ ਦਵਾਈ ਅਸਰ ਕਰਨਾ ਹੀ ਬੰਦ ਕਰ ਦਿੰਦੀ ਹੈ। ਅਸਲ ਵਿਚ ਬਿਮਾਰੀ ਦਾ ਇਲਾਜ ਤਾਂ ਦਵਾਈ ਹੀ ਕਰਦੀ ਹੈ, ਪਰ ਜੇਕਰ ਪਰਹੇਜ਼ ਨਾ ਰੱਖੀਏ ਤਾਂ ਅਸਰ ਘੱਟ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ। ਇਸ ਤਰ੍ਹਾਂ ਹੀ ਗੁਰਬਾਣੀ ਹੈ: ਜੇਕਰ ਅਸੀਂ ਪਾਠ ਤਾਂ ਕਰੀਏ ਪਰ ਰਹਿਤ ਤੇ ਸੰਜਮ ਵਿਚ ਨਾ ਰਹੀਏ ਤਾਂ ਇਸ ਨਾਲ ਸਾਨੂੰ ਬਾਣੀ ਦਾ ਕੋਈ ਵੀ ਫ਼ਲ ਨਹੀਂ ਮਿਲੇਗਾ। ਜੇਕਰ ਅਸੀਂ ਬਾਣੀ ਪੜ੍ਹਦੇ ਹਾਂ ਤੇ ਨਾਲ ਦੀ ਨਾਲ ਅਸੀਂ ਬੱਜਰ ਕੁਰਹਿਤਾਂ ਵੀ ਕਰਦੇ ਹਾਂ, ਜਿਵੇਂ ਕਿ ਕੇਸ ਕਤਲ ਕਰਨੇ, ਤਮਬਾਕੂ ਨਸ਼ੇ ਆਦਿ ਦਾ ਸੇਵਨ, ਪਰ  ਨਾਰੀ/ਪੁਰਖ ਦਾ ਸੰਗ ਕਰਨਾ, ਤਾਂ ਪੜ੍ਹੀ ਹੋਈ ਗੁਰਬਾਣੀ ਕਿਵੇਂ ਫਲੀਭੂਤ ਹੋਏਗੀ? ਗੁਰਬਾਣੀ ਦਾ ਫ਼ਲ ਲੈਣ ਲਈ ਸਾਨੂੰ ਇਕ ਸੱਚੇ ਸਿੱਖ ਬਣਨਾ ਪਵੇਗਾ ਤਾਂ ਜੋ ਗੁਰੂ ਸਾਹਿਬ ਹਰ ਸਮੇਂ ਸਾਡੇ ਨਾਲ ਰਹਿ ਸਕਣ। ਸੁਜਾਨ ਸਿੱਖ ਤਕੜੇ ਹੋ ਕੇ ਨਾਮ ਬਾਣੀ ਦੀਆਂ ਘਾਲਣਾਵਾਂ ਘਾਲਦੇ ਹਨ ਤੇ ਨਾਲੋ ਨਾਲ ਸ੍ਰੀ ਕਲਗੀਧਰ ਜੀ ਦੀ ਦ੍ਰਿੜਾਈ ਹੋਈ ਰਹਿਤ ਤੇ ਵੀ ਪੂਰਾ ਪਹਿਰਾ ਦਿੰਦੇ ਹਨ। 

ਦੁੱਧ ਅਤੇ ਭਾਂਡਾ

ਜੇਕਰ ਕਿਸੇ ਨੇ ਦੁੱਧ ਲੈਣ ਜਾਣਾ ਹੋਵੇ ਤਾਂ ਉਹ ਆਪਣੇ ਨਾਲ ਕੋਈ ਭਾਂਡਾ ਲੈ ਕੇ ਜਾਂਦਾ ਹੈ, ਭਾਵੇਂ ਉਸ ਦਾ ਮੁੱਖ ਮਕਸਦ ਦੁੱਧ ਲੈਣਾ ਹੁੰਦਾ ਹੈ। ਪਰ ਫਿਰ ਵੀ ਉਹ ਭਾਂਡਾ ਨਾਲ ਲੈ ਕੇ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਬਿਨਾ ਭਾਂਡੇ ਤੋਂ ਦੁੱਧ ਨਹੀਂ ਲਿਆਇਆ ਜਾ ਸਕਦਾ, ਇਸ ਤਰ੍ਹਾਂ ਹੀ ਰਹਿਤ ਇਕ ਭਾਂਡੇ ਦੀ ਨਿਆਈਂ ਹੈ, ਜਿਸ ਦੀ ਲੋੜ ਨਾਮ ਬਾਣੀ ਦਾ ਸੇਵਨ ਕਰਨ ਸਦਕਾ ਉਪਜਣ ਵਾਲੇ ਲਾਹੇ ਨੂੰ ਸਾਂਭਣਾ ਹੈ। ਜੇਕਰ ਇਹ ਭਾਂਡਾ ਨਹੀਂ ਹੋਵੇਗਾ ਤਾਂ ਨਾਮ ਬਾਣੀ ਦਾ ਸਭ ਲਾਹਾ ਖਰਾਬ ਹੋ ਜਾਵੇਗਾ। ਜੇਕਰ ਆਪਾਂ ਕੋਈ ਛੇਕਾਂ ਵਾਲਾ ਭਾਂਡਾ ਲੈ ਕੇ ਜਾਵਾਂਗੇ ਤਾਂ ਉਸ ਵਿੱਚੋਂ ਸਾਰਾ ਦੁੱਧ ਬਾਹਰ ਆ ਜਾਵੇਗਾ।  ਇਸ ਤਰ੍ਹਾਂ ਹੀ ਰਹਿਤ ਵਿਚ ਵੀ ਜਿੰਨੀਆਂ ਢਿੱਲਾਂ ਹੁੰਦੀਆਂ ਹਨ, ਉਹ ਇਕ ਕਿਸਮ ਦੀਆਂ ਮੋਰੀਆਂ ਹੁੰਦੀਆਂ ਹਨ, ਜਿਸ ਕਰਕੇ ਜਿੰਨਾ ਵੀ ਅਸੀਂ ਨਾਮ ਦਾ ਲਾਹਾ ਲੈਣਾ ਹੁੰਦਾ ਹੈ ਉਹ ਸਾਨੂੰ ਮਿਲਣ ਦੀ ਜਗ੍ਹਾ ਲੀਕ ਹੋ ਜਾਂਦਾ ਹੈ, ਇਸ ਲਈ ਇਕ ਸਿੱਖ ਲਈ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਜਿਵੇਂ ਦੀ ਵੀ ਰਹਿਤ ਦੱਸੀ ਹੈ ਉਸੇ ਤਰਾਂ ਹੀ ਚਲਣਾ ਚਾਹੀਦਾ ਹੈ ਤੇ ਉਹ ਇਕ ਸਿੱਖ ਲਈ ਚੰਗਾ ਹੁੰਦਾ ਹੈ |  

ਖੇਤ ਦੁਆਲੇ ਵਾੜ ਅਤੇ ਖਜਾਨੇ ਦੁਆਲੇ ਸੁਰੱਖਿਆ 

ਜਿਵੇ ਪੱਕੀ ਫ਼ਸਲ ਦੁਆਲੇ ਵਾੜ ਤੇ ਖਜ਼ਾਨੇ ਦੁਆਲੇ ਸੁਰੱਖਿਆ ਦੀ ਲੋੜ ਹੁੰਦੀ ਹੈ ਤਾਂ ਜੋ ਕੋਈ ਫਸਲਾਂ ਜਾਂ ਖਜ਼ਾਨਾ ਲੁੱਟ ਨਾ ਲਵੇ, ਇਸ ਤਰ੍ਹਾਂ ਹੀ ਨਾਮ ਦੇ ਆਲੇ-ਦੁਆਲੇ ਰਹਿਤ ਦੀ ਵਾੜ ਹੋਣੀ ਜ਼ਰੂਰੀ ਹੈ। ਜਿਵੇਂ ਕੇਸ, ਪੰਜ ਕਕਾਰ, ਬਾਣਾ, ਖਾਣ-ਪੀਣ ਦੀ ਰਹਿਤ ਆਦਿ ਇਕ ਸਿੱਖ ਨੂੰ ਭਟਕਣ ਨਹੀਂ ਦਿੰਦੀਆਂ, ਆਪਣੀ ਰਹਿਤ ਵਿਚ ਹੀ ਰੱਖਦਿਆਂ ਹਨ।

ਇਥੇ ਇਕ ਗੱਲ ਖਾਸ ਧਿਆਨ ਜੋਗ ਇਹ ਹੈ ਕਿ ਜਿਵੇਂ ਖੇਤੀ ਤੋਂ ਬਗੈਰ ਕੀਤੀ ਵਾੜਬੰਦੀ ਬੇਅਰਥ ਹੈ, ਉਸੇ ਤਰ੍ਹਾਂ ਨਾਮ ਬਾਣੀ ਦੇ ਲਾਹੇ ਬਿਨਾ ਰੱਖੀ ਹੋਈ ਰਹਿਤ ਇਕ ਦਿਖਾਵੇ ਮਾਤਰ ਹੀ ਬਣ ਜਾਂਦੀ ਹੈ। ਰਹਿਤ ਤਾਂ ਸਾਡੇ ਨਾਮ ਜਪ ਕੇ ਬਣੇ ਹੋਏ ਅਨੰਦ ਨੂੰ ਹਿਰਦੇ ਅੰਦਰ ਸਮੋਏ ਰੱਖਣ ਦਾ ਜ਼ਰੀਆ ਹੈ।  

ਉੱਚ ਅਵਸਥਾ ਅਤੇ ਰਹਿਤ 

ਇਕ ਗੁਰਸਿੱਖ ਨਾਮ ਬਾਣੀ ਦੀ ਕਮਾਈ ਕਰਕੇ ਭਾਵੇਂ ਜਿੰਨਾ ਮਰਜ਼ੀ ਉੱਚਾ ਉੱਠ ਜਾਵੇ, ਉਹ ਕਲਗੀਧਰ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਕਈ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਪ੍ਰੇਮ ਵਿਚ ਰਹਿਤ ਦੀ ਬਹੁਤੀ ਲੋੜ ਨਹੀਂ ਰਹਿ ਜਾਂਦੀ, ਪਰ ਇਹ ਕਿਹੋ ਜਿਹਾ ਪ੍ਰੇਮ ਹੋਇਆ ਜੋ ਦਸਮੇਸ਼ ਜੀ ਦੇ ਹੁਕਮ ਨੂੰ ਪਾਲਣ ਵਿਚ ਧਿੱਲ ਕਰਨ ਨੂੰ ਕਹੇ? ਸਗੋਂ ਇਕ ਸਿੱਖ ਲਈ ਤਾਂ ਗੁਰੂ ਜੀ ਦਾ ਹਰ ਇਕ ਹੁਕਮ ਲਾਜ਼ਮੀ ਹੁੰਦਾ ਹੈ, ਫੇਰ ਰਹਿਤ ਦਾ ਹੁਕਮ ਕਿਵੇਂ ਛੋਟਾ ਹੋ ਗਿਆ? 

ਗੁਰਸਿੱਖ ਦੀ ਜਗ੍ਹਾ ਗੁਰੂ ਚਰਨਾਂ ਦੀ ਧੂੜ ਹੈ, ਤੇ ਧੂੜ ਆਪਣਾ ਆਪ ਤਿਆਗ ਕੇ ਗੁਰੂ ਹੁਕਮ ਨੂੰ ਕਮਾਉਣ ਨਾਲ ਬਣੀਦਾ ਹੈ। ਜਦੋਂ ਕਲਗੀਧਰ ਪਿਤਾ ਦਾ ਸਪਸ਼ਟ ਹੁਕਮ ਹੈ ਕਿ “ਰਹਿਤ ਪਿਆਰੀ ਮੁਝ ਕਉ ਸਿਖ ਪਿਆਰਾ ਨਾਹੀ।”, ਤਾਂ ਕੋਈ ਗੁਰਸਿੱਖ ਭਾਵੇਂ ਜਿੰਨਾ ਵੀ ਬੰਦਗੀ ਵਾਲਾ ਹੋਵੇ, ਉਹ ਆਪਣੀ ਰਹਿਤ ਬਹਿਤ ਕਰਕੇ ਹੀ ਪਾਤਸ਼ਾਹ ਜੀ ਨੂੰ ਭਾਉਂਦਾ ਹੈ, ਸੋ ਰਹਿਤ ਰੱਖਣੀ ਅੱਤ ਜ਼ਰੂਰੀ ਹੈ।

ਕੀ ਰਹਿਤ ਬਿਨਾ ਨਾਮ-ਬਾਣੀ ਦੀ ਕਮਾਈ ਥਾਇਂ ਪੈਂਦੀ ਹੈ?

ਇਸ ਬਾਰੇ ਇਕ ਬਹੁਤ ਹੀ ਕਮਾਲ ਦੀ ਪੰਕਤੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਹੈ, ਜੋ ਸਾਡੀ ਬਹੁਤ ਸੁੱਚਜੀ ਅਗਵਾਈ ਕਰਦੀ ਹੈ… 

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥

ਗੁਰੂ ਜੀ ਕਹਿੰਦੇ ਹਨ ਕਿ ਸੇਵਕ ਸਿੱਖ ਸਭ ਆਉਂਦੇ ਹਨ ਤੇ ਉੱਤਮ ਬਾਣੀ ਗਉਂਦੇ ਹਨ, ਪਰ ਉਹਨਾਂ ਦਾ ਹੀ ਸਭ ਗਾਵਿਆ ਤੇ ਸੁਣਿਆ ਥਾਇਂ ਪੈਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਸਤਿ-ਸਤਿ ਕਰ ਕੇ ਮੰਨੀ ਹੈ। ਨਾਮ ਬਾਣੀ ਗਾਉਣ ਦੀ ਆਗਿਆ ਤਾਂ  ਸਿੱਖ ਪੂਰੀ ਕਰ ਹੀ ਰਹੇ ਹਨ, ਤੇ ਫਿਰ ਉਹ ਇਸ ਤਰ੍ਹਾਂ ਦੀ ਕਿਹੜੀ ਆਗਿਆ ਹੈ ਜਿਸ ਨੂੰ ਮੰਨਣ ਨਾਲ ਸਿੱਖਾਂ ਦਾ ਗਾਵਿਆ ਤੇ ਸੁਣਿਆ ਸਭ ਥਾਇਂ ਪੈਂਦਾ ਹੈ? ਇਹ ਆਗਿਆ ਹੈ ਗੁਰੂ ਜੀ ਵੱਲੋਂ ਦੱਸੇ ਗਏ ਉਪਦੇਸ਼ ਤੇ ਦੱਸੀ ਗਈ ਰਹਿਤ ਜੋ ਸਾਡੇ ਜੀਵਨ ਨੂੰ ਸਫ਼ਲ ਬਣਾਉਂਦੀ ਹੈ।

Back to blog